ਸੀਤਲਕੂਚੀ – ਪੱਛਮੀ ਬੰਗਾਲ ਵਿੱਚ ਚੌਥੇ ਗੇੜ ਦੀਆਂ ਵੋਟਾਂ ਦਰਮਿਆਨ ਕਈ ਥਾਵਾਂ ਤੇ ਹਿੰਸਕ ਝੜਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ ਵਿਚ ਅੱਜ ਸਥਾਨਕ ਵਿਅਕਤੀਆਂ ਵਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਸੀ. ਆਈ. ਐਸ. ਐਫ. ਨੇ ਗੋਲੀਆਂ ਚਲਾਈਆਂ, ਜਿਸ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ। ਅਜਿਹਾ ਦੋਸ਼ ਹੈ ਕਿ ਸਥਾਨਕ ਲੋਕਾਂ ਨੇ ਸੀ. ਆਈ. ਐਸ. ਐਫ. ਜਵਾਨਾਂ ਦੀਆਂ ਰਾਈਫ਼ਲਾਂ ਖੋਹਣ ਦੀ ਕੋਸ਼ਿਸ਼ ਕੀਤੀ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਇਕ ਇਹ ਘਟਨਾ ਸੀਤਲਕੂਚੀ ਵਿੱਚ ਹੋਈ, ਜਦੋਂ ਵੋਟਿੰਗ ਚੱਲ ਰਹੀ ਸੀ।ਪ੍ਰਾਪਤ ਜਾਣਕਾਰੀ ਮੁਤਾਬਕ ਇਕ ਪਿੰਡ ਵਿੱਚ ਹਮਲਾ ਕੀਤੇ ਜਾਣ ਮਗਰੋਂ ਸੀ. ਆਈ. ਐਸ. ਐਫ. ਜਵਾਨਾਂ ਦੀ ਗੋਲੀਬਾਰੀ ਵਿੱਚ 4 ਵਿਅਕਤੀ ਮਾਰੇ ਗਏ। ਉੱਥੇ ਝੜਪ ਹੋਈ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਰਾਈਫ਼ਲਾਂ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕੇਂਦਰੀ ਬਲਾਂ ਨੇ ਗੋਲੀਆਂ ਚਲਾਈਆਂ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਤੇ ਜ਼ਿਲ੍ਹੇ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ।ਉਥੇ ਹੀ ਚੋਣਾਂ ਦੌਰਾਨ ਹੁਗਲੀ ਵਿਚ ਭਾਜਪਾ ਉਮੀਦਵਾਰ ਲਾਕੇਟ ਚੈਟਰਜੀ ਦੀ ਕਾਰ ਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਭਾਜਪਾ ਉਮੀਦਵਾਰ ਲਾਕੇਟ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ। ਉਨ੍ਹਾਂ ਦੇ ਸੁਰੱਖਿਆ ਕਾਮਿਆਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮੌਕੇ ਤੋਂ ਕੱਢਿਆ। ਚੈਟਰਜੀ ਨੇ ਇਸ ਹਮਲੇ ਦਾ ਦੋਸ਼ ਤ੍ਰਿਣਮੂਲ ਕਾਂਗਰਸ ਤੇ ਲਾਇਆ ਹੈ। ਹੁਗਲੀ ਵਿਚ ਪੱਛਮੀ ਬੰਗਾਲ ਚੋਣਾਂ ਨੂੰ ਕਵਰ ਕਰ ਰਹੇ ਕੁਝ ਮੀਡੀਆ ਕਰਮਚਾਰੀਆਂ ਦੀਆਂ ਗੱਡੀਆਂ ਤੇ ਵੀ ਸਥਾਨਕ ਲੋਕਾਂ ਵਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਹੈ।ਇਸੇ ਦੌਰਾਨ ਕੂਚਬਿਹਾਰ ਜ਼ਿਲ੍ਹੇ ਵਿਚ ਅੱਜ ਵੋਟਿੰਗ ਕੇਂਦਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਪਹਿਲੀ ਵਾਰ ਵੋਟ ਪਾਉਣ ਆਏ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਤ੍ਰਿਣਮੂਲ ਕਾਂਗਰਸ (ਟੀ. ਐਸ. ਸੀ.) ਨੇ ਦੋਸ਼ ਲਾਇਆ ਕਿ ਇਸ ਕਤਲ ਦੇ ਪਿੱਛੇ ਭਾਜਪਾ ਦਾ ਹੱਥ ਹੈ, ਜਦਕਿ ਭਾਜਪਾ ਨੇ ਦਾਅਵਾ ਕੀਤਾ ਕਿ ਨੌਜਵਾਨ ਵੋਟਿੰਗ ਕੇਂਦਰ ਤੇ ਪੋਲਿੰਗ ਏਜੰਟ ਸੀ ਅਤੇ ਉਸ ਨੇ ਇਸ ਲਈ ਸੂਬੇ ਵਿਚ ਸੱਤਾਧਾਰੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਨੰਦ ਬਰਮਨ ਨਾਂ ਦੇ ਨੌਜਵਾਨ ਨੂੰ ਸਿਤਾਲਕੁਚੀ ਦੇ ਪਠਾਨਤੁਲੀ ਇਲਾਕੇ ਵਿੱਚ ਬੂਥ ਨੰਬਰ-85 ਦੇ ਬਾਹਰ ਘੜੀਸ ਕੇ ਲਿਆਂਦਾ ਗਿਆ ਅਤੇ ਗੋਲੀ ਮਾਰ ਦਿੱਤੀ ਗਈ। ਘਟਨਾ ਦੇ ਸਮੇਂ ਵੋਟਾਂ ਪੈ ਰਹੀਆਂ ਸਨ।ਇਸ ਘਟਨਾ ਮਗਰੋਂ ਤ੍ਰਿਣਮੂਲ ਅਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ ਸ਼ੁਰੂ ਹੋ ਗਈ ਅਤੇ ਵੋਟਿੰਗ ਕੇਂਦਰ ਦੇ ਬਾਹਰ ਬੰਬ ਸੁੱਟੇ ਜਾਣ ਕਾਰਨ ਕਈ ਲੋਕ ਜ਼ਖਮੀ ਹੋ ਗਏ। ਕੇਂਦਰੀ ਸੁਰੱਖਿਆ ਫੋਰਸ ਨੂੰ ਸਥਿਤੀ ਨੂੰ ਕੰਟਰੋਲ ਕਰਨ ਲਈ ਲਾਠੀਚਾਰਜ ਕਰਨਾ ਪਿਆ। ਇਕ ਚੋਣ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੂਚਬਿਹਾਰ ਜ਼ਿਲ੍ਹੇ ਵਿਚ ਸਿਤਾਲਕੁਚੀ ਵਿੱਚ ਇਕ ਵੋਟਿੰਗ ਕੇਂਦਰ ਦੇ ਬਾਹਰ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਉਨ੍ਹਾਂ ਸੁਪਰਵਾਈਜ਼ਰ ਨੂੰ ਛੇਤੀ ਤੋਂ ਛੇਤੀ ਰਿਪੋਰਟ ਦੇਣ ਨੂੰ ਕਿਹਾ ਹੈ ਅਤੇ ਹਾਲਾਤ ਬਾਰੇ ਜਾਣਕਾਰੀ ਲਈ ਹੈ। ਇਲਾਕੇ ਵਿਚ ਪੁਲੀਸ ਅਤੇ ਰੈਪਿਡ ਐਕਸ਼ਨ ਫੋਰਸ (ਆਰ. ਏ. ਐਫ.) ਨੂੰ ਤਾਇਨਾਤ ਕੀਤਾ ਗਿਆ ਹੈ।